ਜਲੰਧਰ (ਨਵਦੀਪ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਲੰਧਰ ਵਾਲੀ ਰਿਹਾਇਸ਼ ਬਦਲਣ ਦੀ ਯੋਜਨਾ ਬਣਾ ਰਹੇ ਹਨ। ਉਹ ਹੁਣ ਸ਼ਹਿਰ ਦੇ ਮੱਧ ਵਿਚ ਸਥਿਤ ਪੁਰਾਣੀ ਬਾਰਾਦਰੀ ਇਲਾਕੇ ਵਿਚ ਸਰਕਾਰੀ ਰਿਹਾਇਸ਼ ਵਿਚ ਸ਼ਿਫਟ ਹੋਣ ਬਾਰੇ ਸੋਚ ਰਹੇ ਹਨ। ਇਹ ਘਰ ਪਹਿਲਾਂ ਜਲੰਧਰ ਦੀ ਡਵੀਜ਼ਨਲ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੂੰ ਅਲਾਟ ਕੀਤਾ ਗਿਆ ਸੀ, ਜਿਨ੍ਹਾਂ ਦਾ ਪਿਛਲੇ ਹਫ਼ਤੇ ਤਬਾਦਲਾ ਹੋ ਗਿਆ ਹੈ।
ਜਾਣਕਾਰੀ ਅਨੁਸਾਰ ਮੁੱਖ ਮੰਤਰੀ ਦਫ਼ਤਰ ਵੱਲੋਂ ਇਸ ਘਰ ਦੇ ਬੁਨਿਆਦੀ ਢਾਂਚੇ ‘ਚ ਬਦਲਾਅ ਸਬੰਧੀ ਲੋਕ ਨਿਰਮਾਣ ਵਿਭਾਗ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ। ਮੁੱਖ ਮੰਤਰੀ ਦੇ ਸੁਰੱਖਿਆ ਅਮਲੇ ਨੇ ਲਗਭਗ 4-5 ਏਕੜ ‘ਚ ਫ਼ੈਲੇ ਇਸ ਘਰ ਵਿਚ ਪੈਰੀਫਿਰਲ ਦੀਵਾਰਾਂ, ਵੇਟਿੰਗ ਹਾਲ, ਸ਼ੈੱਡ, ਵਾਧੂ ਸੁਰੱਖਿਆ ਅਮਲਾ ਅਤੇ ਪਾਰਕਿੰਗ ਸਥਾਨਾਂ ਆਦਿ ਲਈ ਪ੍ਰਸਤਾਅ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਜਲੰਧਰ ਜ਼ਿਮਨੀ ਚੋਣਾਂ ਤੋਂ ਪਹਿਲਾਂ ਸ਼ਹਿਰ ਵਿਚ ਇਕ ਕੋਠੀ ਕਿਰਾਏ ‘ਤੇ ਲਈ ਸੀ ਇੱਥੋਂ ਹੀ ਚੋਣ ਮੁਹਿੰਮ ਦੀ ਅਗਵਾਈ ਕਰਦਿਆਂ ਪਾਰਟੀ ਨੂੰ ਵੱਡੀ ਜਿੱਤ ਵੀ ਦਵਾਈ ਸੀ। ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੇ ਜਨਤਾ ਨਾਲ ਵਾਅਦਾ ਕੀਤਾ ਸੀ ਕਿ ਉਹ ਚੋਣਾਂ ਤੋਂ ਬਾਅਦ ਵੀ ਜਲੰਧਰ ਰਹਿਣਗੇ ਤੇ ਹਰ ਹਫ਼ਤੇ ਇੱਥੇ ਆ ਕੇ ਲੋਕਾਂ ਦੇ ਕੰਮ ਕਰਵਾਇਆ ਕਰਨਗੇ। ਉਨ੍ਹਾਂ ਕਿਹਾ ਸੀ ਕਿ ਮਾਝੇ ਤੇ ਦੋਆਬੇ ਦੇ ਲੋਕਾਂ ਨੂੰ ਚੰਡੀਗੜ੍ਹ ਆਉਣ ਦੀ ਲੋੜ ਨਹੀਂ ਪਵੇਗੀ ਤੇ ਉਨ੍ਹਾਂ ਦੇ ਕੰਮ ਜਲੰਧਰ ਤੋਂ ਹੀ ਹੋ ਜਾਇਆ ਕਰਨਗੇ।
Chief Minister Bhagwant Hon will change his residence in Jalandhar
2,001