ਜਲੰਧਰ 21 ਦਿਸੰਬਰ (ਰਮੇਸ਼ ਕੁਮਾਰ)- ਡੀ.ਏ.ਵੀ. ਫਲਾਈਓਵਰ ’ਤੇ ਇਕ ਸਾਈਕਲ ਸਵਾਰ ਵਿਅਕਤੀ ਨੂੰ ਰੋਕ ਕੇ ਬਾਈਕ ਸਵਾਰ 3 ਲੁਟੇਰਿਆਂ ਤੇ ਇਕ ਮਹਿਲਾ ਲੁਟੇਰਨ ਨੇ ਉਸ ’ਤੇ ਦਾਤ ਨਾਲ ਹਮਲਾ ਕਰ ਦਿੱਤਾ ਤੇ ਉਸ ਦੀ ਜੇਬ ’ਚੋਂ ਪੈਸੇ ਲੁੱਟ ਲਏ। ਬਜ਼ੁਰਗ ਸਾਈਕਲ ਸਵਾਰ ਦਾਤ ਲੱਗਣ ਕਾਰਨ ਜ਼ਖ਼ਮੀ ਹੋ ਗਿਆ।
ਜਾਣਕਾਰੀ ਦਿੰਦਿਆਂ ਰਜਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਵੀ ਉਕਤ ਗੈਂਗ ਨੇ ਉਸ ਨੂੰ ਰੋਕਿਆ ਸੀ ਪਰ ਉਸ ਕੋਲੋਂ ਕੁਝ ਨਹੀਂ ਮਿਲਿਆ, ਜਿਸ ਕਾਰਨ ਉਹ ਉਸ ਨੂੰ ਧੱਕਾ ਦੇ ਕੇ ਫ਼ਰਾਰ ਹੋ ਗਏ ਸਨ। ਦੋਸ਼ ਹੈ ਕਿ ਇਹ ਤਿੰਨੇ ਲੁਟੇਰੇ ਤੇ ਇਕ ਲੜਕੀ 2 ਮੋਟਰਸਾਈਕਲਾਂ ’ਤੇ ਆਏ ਸਨ। ਜਿਵੇਂ ਹੀ ਉਹ ਡੀ.ਏ.ਵੀ. ਫਲਾਈਓਵਰ ਕੋਲ ਪਹੁੰਚਿਆ ਤਾਂ ਉਨ੍ਹਾਂ ਨੇ ਸਾਈਕਲ ਰੋਕ ਲਿਆ ਤੇ ਪੈਸਿਆਂ ਦੀ ਮੰਗ ਕੀਤੀ।
ਜਦੋਂ ਰਜਿੰਦਰ ਨੇ ਵਿਰੋਧ ਕੀਤਾ ਤਾਂ ਇਕ ਲੁਟੇਰੇ ਨੇ ਉਸ ’ਤੇ ਦਾਤਰ ਨਾਲ ਵਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਹੱਥ ਨਾਲ ਫੜ ਲਿਆ, ਜਿਸ ਕਾਰਨ ਉਸ ਦਾ ਹੱਥ ਜ਼ਖਮੀ ਹੋ ਗਿਆ। ਲੁਟੇਰਿਆਂ ਨੇ ਜੇਬ ਦੀ ਤਲਾਸ਼ੀ ਲਈ ਤੇ ਸਾਰੇ ਪੈਸੇ ਕੱਢ ਕੇ ਫਰਾਰ ਹੋ ਗਏ। ਲੁਟੇਰਿਆਂ ਦਾ ਇਹੀ ਗਰੁੱਪ ਪਹਿਲਾਂ ਸਕਾਰਪੀਓ ’ਚ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ।
At Jalandhar DAV flyover, robbers hacked an elderly man and stole cash
1,294