ਫ਼ਰੰਟ ਲਾਈਨ (ਰਮੇਸ਼ ਕੁਮਾਰ)-ਪੰਜਾਬ ਨੂੰ ਛੱਡ ਕੇ ਬੇਗਾਨੇ ਮੁਲਕਾਂ ਵੱਲ ਜਾਣ ਦਾ ਰੁਝਾਨ ਪੰਜਾਬੀਆਂ ’ਚ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵਧ ਗਿਆ ਹੈ। ਹਰ ਕੋਈ ਜਹਾਜ਼ ’ਤੇ ਚੜ੍ਹ ਕੇ ਵਿਦੇਸ਼ਾਂ ਨੂੰ ਉੇੱਡਾਰੀਆਂ ਮਾਰ ਰਿਹਾ ਹੈ ਪਰ ਬੇਗਾਨੇ ਮੁਲਕਾਂ ’ਚ ਪੰਜਾਬੀ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਇਸ ਵੇਲੇ ਗੰਭੀਰ ਚਿੰਤਾ ਦਾ ਵਿਸ਼ਾ ਬਣ ਰਹੀਆਂ ਹਨ। ਰੋਜ਼ਾਨਾ ਪੰਜਾਬੀ ਨੌਜਵਾਨਾਂ ਦੇ ਮਰਨ ਦੀਆਂ ਖ਼ਬਰਾਂ ਵਿਦੇਸ਼ਾਂ ’ਚੋਂ ਆ ਰਹੀਆਂ ਹਨ। ਤ੍ਰਾਸਦੀ ਹੈ ਕਿ ਇਨ੍ਹਾਂ ’ਚੋਂ ਜ਼ਿਆਦਾ ਮੌਤਾਂ ਦਿਲ ਦਾ ਦੌਰਾ ਪੈਣ ਨਾਲ ਹੋ ਰਹੀਆਂ ਹਨ। ਇਸ ਤੋਂ ਇਲਾਵਾ ਵਿਦੇਸ਼ਾਂ ’ਚ ਪੰਜਾਬੀ ਨੌਜਵਾਨਾਂ ਅਤੇ ਪੰਜਾਬੀ ਮੁਟਿਆਰਾਂ ਦੇ ਕਤਲ ਹੋ ਰਹੇ ਹਨ। ਇਸ ਤੋਂ ਜਾਪਦਾ ਹੈ ਕਿ ਹੁਣ ਬਾਹਰਲੇ ਦੇਸ਼ਾਂ ’ਚ ਵੀ ਪੰਜਾਬੀ ਸੁਰੱਖਿਅਤ ਨਹੀਂ ਹਨ। ਵਧ ਰਹੀਆਂ ਮੌਤਾਂ ਕਾਰਨ ਮਾਪੇ ਪ੍ਰੇਸ਼ਾਨੀ ਦੇ ਆਲਮ ’ਚ ਹਨ ਅਤੇ ਦੁਖ਼ੀ ਹਨ, ਕਿਉਂਕਿ ਬਹੁਤਿਆਂ ਨੇ ਇਕੱਲੇ-ਇਕੱਲੇ ਪੁੱਤ ਬੇਗਾਨੇ ਦੇਸ਼ਾਂ ਨੂੰ ਭੇਜੇ ਹਨ। ਹਾਲਾਤ ਇਹ ਬਣੇ ਹੋਏ ਹਨ ਕਈ ਮਾਪਿਆਂ ਨੂੰ ਆਪਣੇ ਪੁੱਤਾਂ ਦੀਆਂ ਲਾਸ਼ਾਂ ਬੇਗਾਨੇ ਮੁਲਕਾਂ ’ਚੋਂ ਲਿਆਉਣੀਆਂ ਔਖੀਆਂ ਹੋ ਰਹੀਆਂ ਹਨ।
ਕਿਸੇ ਵੀ ਦੇਸ਼ ਜਾਂ ਸਮਾਜ ਦਾ ਨੌਜਵਾਨ ਵਰਗ, ਉਸ ਦੇਸ਼-ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ। ਸਾਡਾ ਆਉਣ ਵਾਲਾ ਭਵਿੱਖ ਨੌਜਵਾਨਾਂ ਦੀ ਸੋਚ ਅਤੇ ਉਨ੍ਹਾਂ ਦੇ ਪ੍ਰਦਰਸ਼ਨ ’ਤੇ ਹੀ ਨਿਰਭਰ ਕਰਦਾ ਹੈ। ਨੌਜਵਾਨਾਂ ’ਚ ਜੋਸ਼ ’ਤੇ ਉਤਸ਼ਾਹ ਦੀ ਕੋਈ ਘਾਟ ਨਹੀਂ ਹੁੰਦੀ। ਉਹ ਆਸਮਾਨ ’ਚ ਉਡਾਰੀਆਂ ਭਰਨ ਦੀ ਸਮਰੱਥਾ ਰੱਖਦੇ ਹਨ। ਆਪਣੀ ਸਮਰੱਥਾ ਨਾਲ ਉਹ ਦੁਨੀਆ ਦੀ ਨੁਹਾਰ ਬਦਲ ਸਕਦੇ ਹਨ। ਨੌਜਵਾਨ ਦੇਸ਼ ਦੇ ਹਰ ਖੇਤਰ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਦੇਸ਼ ਦਾ ਨੌਜਵਾਨ ਦੇਸ਼ ਦੀ ਸਰਹੱਦ ’ਤੇ ਖੜ੍ਹਾ ਹੋ ਕੇ ਦੇਸ਼ ਦੀ ਪਹਿਰੇਦਾਰੀ ਕਰ ਰਿਹਾ ਹੈ। ਹਰ ਸਮੇਂ ਕੁਰਬਾਨੀ ਅਤੇ ਦੇਸ਼ ਲਈ ਮਰ ਮਿਟਣ ਦਾ ਜਜ਼ਬਾ ਉਸ ਦੇ ਮਨ ’ਚ ਸਮੋਇਆ ਹੋਇਆ ਹੈ। ਹਰ ਥਾਂ ਨੌਜਵਾਨ ਪੀੜ੍ਹੀ ਵਧ ਚੜ੍ਹ ਕੇ ਆਪਣਾ ਯੋਗਦਾਨ ਪਾਇਆ ਹੈ ਪਰ ਅੱਜ ਦਾ ਨੌਜਵਾਨ ਮਹਿੰਗੀਆਂ-ਮਹਿੰਗੀਆਂ ਪੜ੍ਹਾਈਆ ਪੜ੍ਹ ਕੇ ਵੀ ਨੌਕਰੀਆਂ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ।
ਨੌਕਰੀਆਂ ਦੀ ਭਾਲ ਲਈ ਆਪਣਾ ਮੁਲਕ ਛੱਡ ਕੇ ਬਾਹਰਲੇ ਮੁਲਕਾਂ ਨੂੰ ਜਾਣ ਲਈ ਮਜਬੂਰ ਸਾਡੇ ਦੇਸ਼ ਦਾ ਸਰਮਾਇਆ ਸਾਡੇ ਨੌਜਵਾਨ ਤਾਂ ਬਾਹਰ ਜਾ ਹੀ ਰਹੇ ਹਨ, ਉਨ੍ਹਾਂ ਦੇ ਨਾਲ-ਨਾਲ ਸਾਡੀ ਕਮਾਈ ਹੋਈ ਪੂੰਜੀ ਵੀ ਵਿਦੇਸ਼ਾਂ ਨੂੰ ਉਡਾਰੀਆਂ ਮਾਰ ਰਹੀ ਹੈ। ਕਈ ਪਰਿਵਾਰ ਅਜਿਹੇ ਹਨ, ਜੋ ਜ਼ਮੀਨਾਂ ਦੇ ਸੌਦੇ ਕਰਕੇ ਬੱਚਿਆਂ ਨੂੰ ਬਾਹਰ ਭੇਜ ਰਹੇ ਹਨ। ਇਹ ਫ਼ੈਸਲਾ ਮਾਂ-ਬਾਪ ਇਸ ਕਰਕੇ ਲੈ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਇਹ ਲੱਗਦਾ ਹੈ ਕਿ ਬਾਹਰਲੇ ਦੇਸ਼ਾਂ ’ਚ ਹੀ ਸਾਡੇ ਬੱਚੇ ਦਾ ਭਵਿੱਖ ਸੁਰੱਖਿਅਤ ਹੋਵੇਗਾ।
ਬਾਹਰਲੇ ਦੇਸ਼ਾਂ ’ਚ ਜਾਣ ਦਾ ਕਾਰਨ ਮਾੜੀ ਆਰਥਿਕ ਹਾਲਤ
ਪੰਜਾਬੀਆਂ ਵੱਲੋਂ ਬਾਹਰਲੇ ਮੁਲਕਾਂ ’ਚ ਜਾਣ ਦੇ ਵੱਖ-ਵੱਖ ਸਮੇਂ ’ਤੇ ਵੱਖ-ਵੱਖ ਕਾਰਨ ਹੋ ਸਕਦੇ ਹਨ ਪਰ 20ਵੀਂ ਸਦੀ ਦੇ ਮੁੱਢ ਤੋਂ ਲੈ ਕੇ ਹੁਣ ਤੱਕ ਦਾ ਵੱਡਾ ਕਾਰਨ ਮਾੜੀ ਆਰਥਿਕ ਹਾਲਤ ਰਹੀ ਹੈ। ਹਰੇ ਇਨਕਲਾਬ ਤੋਂ ਬਾਅਦ ਇਕ ਕਾਰਨ ਹੋਰ ਜੁੜ ਗਿਆ ਹੈ ਕਿ ਪੰਜਾਬ ਦੇ ਲੋਕ ਆਪਣਾ ਉੱਪਰ ਉੱਠ ਚੁੱਕਿਆ ਹੈ। ਖੇਤੀ ਦੇ ਮਸ਼ੀਨੀਕਰਨ ਦੇ ਸਿਰਫ਼ ਕਿਸਾਨਾਂ ਨੂੰ ਹੀ ਨਹੀਂ, ਸਗੋਂ ਰਵਾਇਤੀ ਖੇਤ ਮਜ਼ਦੂਰਾਂ ਨੂੰ ਵੀ ਵਿਹਲੇ ਕਰਕੇ ਰੱਖ ਦਿੱਤਾ ਹੈ।
ਕੰਮ ਦੀ ਘਾਟ ਨੇ ਖੇਤ ਮਜ਼ਦੂਰਾਂ ਦੀਆਂ ਉਜਰਤਾਂ ਜਾਮ ਕਰ ਦਿੱਤੀਆਂ ਹਨ। ਪੁਰਾਣੀਆਂ ਉਜਰਤਾਂ ਉਨ੍ਹਾਂ ਨੂੰ ਵਾਰਾ ਨਹੀਂ ਖਾਂਦੀਆਂ। ਇਸ ਲਈ ਉਨ੍ਹਾਂ ਦੀ ਥਾਂ ਬਿਹਾਰ ਤੋਂ ਆਈ ਸਸਤੀ ਅਤੇ ਮੁਕਾਬਲਤਨ ਦੱਬੂ ਕਿਰਤ ਸ਼ਕਤੀ ਨੇ ਲੈ ਲਈ ਹੈ। ਇਸ ਸਸਤੀ ਕਿਰਤ ਸ਼ਕਤੀ ਨੇ ਜੱਟ ਕਿਸਾਨੀ ਨੂੰ ਵਿਹਲੇ ਰਹਿਣ ਦੀ ਚਾਟ ਹੀ ਨਹੀਂ ਲਾਈ, ਸਗੋਂ ਉਹ ਕਿਰਤ ਨੂੰ ਵੀ ਨਫਰਤਯੋਗ ਸੰਕਲਪ ਵਜੋਂ ਲੈਣ ਲੱਗੇ ਹਨ। ਪੰਜਾਬ ਦੀ ਕਿਸਾਨੀ ਦੇ ਅਜੋਕੇ ਆਰਥਿਕ ਨਿਘਾਰ ਲਈ ਅਨੇਕਾਂ ਹੋਰ ਕਾਰਨਾਂ ਤੋਂ ਬਿਨਾਂ ਕਿਰਤ ਨਾਲੋਂ ਮੋਹ ਭੰਗ ਹੋ ਜਾਣ ਦੀ ਪ੍ਰਵਿਰਤੀ ਵਜੋਂ ਵੀ ਦੇਖਿਆ ਜਾਣਾ ਚਾਹੀਦਾ ਹੈ।
ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ : ਸਮਾਜ ਸੇਵਕ
ਸਮਾਜ ਸੇਵਕ ਗਰਦੌਰ ਸਿੰਘ ਆਹਲੀ, ਬਲਦੇਵ ਰਾਜ ਵਧਵਾ, ਰਾਜੇਸ਼ ਸ਼ਰਮਾ, ਡਾ. ਜੋਸਨ, ਗੁਰਪ੍ਰੀਤ ਸਿੰਘ ਸਾਬੀ, ਮੰਗੀ ਟੰਡਨ ਨੇ ਕਿਹਾ ਕਿ ਵਿਦੇਸ਼ੀ ਧਰਤੀ ’ਤੇ ਮਰ ਰਹੇ ਜਾਂ ਮਾਰੇ ਜਾ ਰਹੇ ਪੰਜਾਬੀ ਮਰਦਾਂ ਅਤੇ ਔਰਤਾਂ ਦੇ ਬੇਵਕਤ ਵਿਛੋੜੇ ਦਾ ਹਰ ਪੰਜਾਬੀ ਨੂੰ ਮਾਤਮ ਮਨਾਉਣਾ ਚਾਹੀਦਾ ਹੈ। ਵਿਦੇਸ਼ ਸਰਕਾਰਾਂ ਉਪਰ ਦਬਾਅ ਪਾਉਣਾ ਚਾਹੀਦਾ ਹੈ ਕਿ ਮੁਨਾਫੇ ਦੀ ਹਿਰਸ ’ਚ ਆਪਣੇ ਹੀ ਵਤਨ ਵਾਸੀਆਂ ਦਾ ਸ਼ੋਸ਼ਣ ਕਰਨ ਵਾਲੇ ਠੇਕੇਦਾਰ ਕਿਸਮ ਦੇ ਠੱਗ ਲੋਕਾਂ ਤੇ ਨਸਲੀ ਜਨੂੰਨੀਆਂ ਨੂੰ ਸਜ਼ਾਵਾਂ ਮਿਲਣ। ਇਹ ਵਕਤੀ ਹੱਲ ਹੀ ਹੋਵੇਗਾ।
The deaths of Punjabis in foreign countries are a matter of concern
1,694