ਜਲੰਧਰ ਤੋਂ ਵੱਡੀ ਖ਼ਬਰ, ਨਵੀਂ ਦਾਣਾ ਮੰਡੀ ਨੇੜੇ ਹੋਇਆ ਧਮਾਕਾ, ਪਿਓ ਪੁੱਤ ਦੀ ਮੌਤ
ਜਲੰਧਰ (ਰਮੇਸ਼ ਕੁਮਾਰ)- ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੋਂ ਦੀ ਨਵੀਂ ਦਾਣਾ ਮੰਡੀ ਵਿਚ ਵਿਸ਼ਕਰਮਾ ਚੌਂਕ ਨੇੜੇ ਗੈਸ ਲੀਕ ਹੋਣ ਕਾਰਨ ਫਰਿੱਜ ਦਾ ਕੰਪ੍ਰੈਸ਼ਰ ਫਟਣ ਕਾਰਨ ਦਰਦਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਦੋ ਵਿਅਕਤੀ ਬੁਰੀ ਤਰ੍ਹਾਂ ਝੁਲਸ ਗਏ, ਜਿਨ੍ਹਾਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਲਿਆਂਦਾ ਗਿਆ। ਇਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਹਾਦਸੇ ਵਿੱਚ ਇਕ 14 ਸਾਲ ਦਾ ਬੱਚਾ ਵੀ ਝੁਲਸ ਗਿਆ ਹੈ। ਉਸ ਦਾ ਡਾਕਟਰਾਂ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਫਰਿੱਜ ਦਾ ਕੰਪ੍ਰੈਸ਼ਰ ਫਟਣ ਕਾਰਨ ਵਾਪਰਿਆ ਹੈ। ਮੌਕੇ ਉੱਤੇ ਪਹੁੰਚੀ ਪੁਲਸ ਵੱਲੋਂ ਵੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਧਮਾਕੇ ਦੌਰਾਨ ਮਰਨ ਵਾਲੇ ਪਿਓ-ਪੁੱਤ ਦੱਸੇ ਜਾ ਰਹੇ ਹਨ। ਮੌਕੇ ਉਤੇ ਥਾਣਾ ਨੰਬਰ-2 ਦੀ ਪੁਲਸ ਫੋਰੈਂਸਿਕ ਟੀਮ ਨਾਲ ਜਾਂਚ ਲਈ ਪਹੁੰਚੀ ਹੈ। ਫਾਇਰ ਬ੍ਰਿਗੇਡ ਦੇ ਅਧਿਕਾਰੀ ਏ.ਡੀ.ਐੱਫ਼.ਓ. ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਉਕਤ ਸਥਾਨ ‘ਤੇ ਅੱਗ ਲੱਗ ਗਈ ਹੈ। ਜਿਸ ਦੇ ਤੁਰੰਤ ਬਾਅਦ ਉਹ ਆਪਣੀ ਟੀਮ ਦੇ ਨਾਲ ਪਹੁੰਚੇ। ਫਾਇਰ ਬ੍ਰਿਗੇਡ ਦਫ਼ਤਰ ਤੋਂ ਕਰੀਬ 2 ਗੱਡੀਆਂ ਭੇਜੀਆਂ ਗਈਆਂ।
ਨੇੜੇ ਦੇ ਲੋਕਾਂ ਨੇ ਦੱਸਿਆ ਕਿ ਘਰ ਦੇ ਅੰਦਰ ਜਿਮ ਦਾ ਸਾਮਾਨ ਪੈਕ ਕੀਤਾ ਜਾਂਦਾ ਸੀ। ਜਿਸ ਦੇ ਚਲਦਿਆਂ ਕਾਫ਼ੀ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ। ਮਰਨ ਵਾਲਿਆ ਦੀ ਪਛਾਣ ਜਸ਼ਨ ਸਿੰਘ (17) ਅਤੇ ਪਿਤਾ ਹਰਪਾਲ ਸਿੰਘ (45) ਦੇ ਰੂਪ ਵਿਚ ਹੋਈ ਹੈ। ਦੋਹਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਜਿੱਥੇ ਹਾਦਸਾ ਹੋਇਆ, ਉਥੇ ਜੀ.ਐੱਸ. ਸਪੋਟਸ ਨਾਮ ਦੀ ਕੰਪਨੀ ਦਾ ਮਾਲ ਪੈਕ ਹੋ ਰਿਹਾ ਸੀ।
Big news from Jalandhar, explosion near Nawi Dalan Mandi, death of father and son