FRONTLINE NEWS CHANNEL

ਕਿ ਨਗਰ ਨਿਗਮ ਤੇ ਸੰਸਦੀ ਚੋਣਾਂ ਤੋਂ ਪਹਿਲਾਂ ਪੂਰਾ ਹੋ ਸਕੇਗਾ ਜਲੰਧਰ ਸਮਾਰਟ ਸਿਟੀ ਦਾ ਕੋਈ ਪ੍ਰੋਜੈਕਟ

7 ਅਕਤੂਬਰ (ਰਮੇਸ਼ ਕੁਮਾਰ)–ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਸਮਾਰਟ ਸਿਟੀ ਮਿਸ਼ਨ ਤਹਿਤ ਜਲੰਧਰ ਨੂੰ ਸੁੰਦਰ ਬਣਾਉਣ ਦੇ ਨਾਂ ’ਤੇ ਕਰੋੜਾਂ ਰੁਪਏ ਦੀ ਗ੍ਰਾਂਟ ਆਈ, ਉਸ ਗ੍ਰਾਂਟ ਵਿਚ ਕਾਂਗਰਸ ਸਰਕਾਰ ਦੇ ਸਮੇਂ ਨਾ ਸਿਰਫ਼ ਭਾਰੀ ਗੜਬੜੀ ਕੀਤੀ ਗਈ, ਸਗੋਂ ਬਹੁਤ ਘਟੀਆ ਪੱਧਰ ਦੇ ਕੰਮ ਵੀ ਕਰਵਾਏ ਗਏ। ਹੁਣ ਹਾਲਾਤ ਇਹ ਹਨ ਕਿ ਜਲੰਧਰ ਵਿਚ ਸਮਾਰਟ ਸਿਟੀ ਦੇ ਵਧੇਰੇ ਪ੍ਰਾਜੈਕਟ ਜਾਂ ਤਾਂ ਫੇਲ ਹੋ ਚੁੱਕੇ ਹਨ ਜਾਂ ਸਾਲਾਂ ਤੋਂ ਲਟਕ ਰਹੇ ਹਨ। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਲਗਭਗ ਡੇਢ ਸਾਲ ਪਹਿਲਾਂ ਆਈ ਸੀ ਅਤੇ ਇਸ ਸਰਕਾਰ ਨੇ ਜਲੰਧਰ ਸਮਾਰਟ ਸਿਟੀ ਦੇ ਰੁਕੇ ਹੋਏ ਕੰਮਾਂ ਵਿਚ ਤੇਜ਼ੀ ਲਿਆਉਣ ਦਾ ਐਲਾਨ ਵੀ ਕੀਤਾ ਸੀ ਪਰ ਅਫ਼ਸਰਾਂ ਦੀ ਲਾਪਰਵਾਹੀ ਕਾਰਨ ਇਨ੍ਹਾਂ ਐਲਾਨਾਂ ਦਾ ਕੋਈ ਖ਼ਾਸ ਲਾਭ ਨਹੀਂ ਹੋਇਆ। ਇਸੇ ਕਾਰਨ ਅੱਜ ਵੀ ਸਮਾਰਟ ਸਿਟੀ ਦੇ ਰੁਕੇ ਅਤੇ ਲਟਕ ਰਹੇ ਕੰਮਾਂ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ।

ਹੁਣ ਕੁਝ ਹੀ ਮਹੀਨਿਆਂ ਬਾਅਦ ਜਲੰਧਰ ਨਗਰ ਨਿਗਮ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਅਗਲੇ ਸਾਲ ਦੀ ਪਹਿਲੀ ਤਿਮਾਹੀ ਵਿਚ ਸੰਸਦੀ ਚੋਣਾਂ ਦਾ ਐਲਾਨ ਵੀ ਹੋ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੀਆਂ ਨਗਰ ਨਿਗਮ ਅਤੇ ਸੰਸਦੀ ਚੋਣਾਂ ਵਿਚ ਸਮਾਰਟ ਸਿਟੀ ਦੇ ਫੇਲ ਹੋ ਚੁੱਕੇ ਅਤੇ ਅਧੂਰੇ ਪਏ ਕੰਮ ਮੁੱਦਾ ਬਣ ਸਕਦੇ ਹਨ। ਅਜਿਹੇ ਵਿਚ ਦੇਖਣਾ ਹੋਵੇਗਾ ਕਿ ਕੀ ਦੋਵਾਂ ਚੋਣਾਂ ਤੋਂ ਪਹਿਲਾਂ ਸਮਾਰਟ ਸਿਟੀ ਦਾ ਕੋਈ ਕੰਮ ਸਿਰੇ ਚੜ੍ਹ ਵੀ ਪਾਉਂਦਾ ਹੈ ਜਾਂ ਨਹੀਂ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਸਮਾਰਟ ਸਿਟੀ ਮਿਸ਼ਨ ਨੂੰ ਸਮੇਟਣ ਦਾ ਐਲਾਨ ਕੀਤਾ ਹੋਇਆ ਹੈ ਅਤੇ ਪੰਜਾਬ ਨੂੰ ਕੁਝ ਵਾਧੂ ਸਮਾਂ ਦਿੱਤਾ ਗਿਆ ਹੈ ਤਾਂ ਕਿ ਉਸ ਮਿਆਦ ਵਿਚ ਸਮਾਰਟ ਸਿਟੀ ਨਾਲ ਸਬੰਧਤ ਸਾਰੇ ਕੰਮ ਪੂਰੇ ਕਰ ਲਏ ਜਾਣ। ਜੇਕਰ ਫੇਲ ਹੋ ਚੁੱਕੇ ਪ੍ਰਾਜੈਕਟ ਦੁਬਾਰਾ ਸ਼ੁਰੂ ਨਹੀਂ ਹੁੰਦੇ ਤਾਂ ਸੂਬੇ ਅਤੇ ਸ਼ਹਿਰ ਨੂੰ ਭਾਰੀ ਆਰਥਿਕ ਨੁਕਸਾਨ ਉਠਾਉਣਾ ਪੈ ਸਕਦਾ ਹੈ।

ਬਰਲਟਨ ਪਾਰਕ ਅਤੇ ਬਾਇਓ-ਮਾਈਨਿੰਗ ਪਲਾਂਟ ਪ੍ਰਾਜੈਕਟ ਬਹੁਤ ਜ਼ਰੂਰੀ ਪਰ ਸ਼ੁਰੂ ਹੀ ਨਹੀਂ ਹੋ ਪਾ ਰਹੇ

ਬਰਲਟਨ ਪਾਰਕ ਸਪੋਰਟਸ ਹੱਬ ਪ੍ਰਾਜੈਕਟ ਦਾ ਉਦਘਾਟਨ ਪਿਛਲੀ ਕਾਂਗਰਸ ਸਰਕਾਰ ਦੌਰਾਨ ਹੋ ਗਿਆ ਸੀ ਅਤੇ ਉਦੋਂ ਇਸ ਪ੍ਰਾਜੈਕਟ ’ਤੇ ਥੋੜ੍ਹਾ-ਬਹੁਤ ਕੰਮ ਵੀ ਸ਼ੁਰੂ ਹੋ ਗਿਆ ਸੀ। ਇਹ ਪ੍ਰਾਜੈਕਟ ਲੰਮੇ ਸਮੇਂ ਤਕ ਠੱਪ ਪਿਆ ਰਿਹਾ। ‘ਆਪ’ ਸਰਕਾਰ ਦੇ ਕਾਰਜਕਾਲ ਵਿਚ ਵੀ ਅਫਸਰਾਂ ਨੇ ਪ੍ਰਾਜੈਕਟ ਦੀ ਡਰਾਇੰਗ ਤਕ ਨੂੰ ਫਾਈਨਲ ਨਹੀਂ ਕੀਤਾ। ਇਹੀ ਕਾਰਨ ਰਿਹਾ ਕਿ ਸਬੰਧਤ ਕੰਪਨੀ ਨੇ ਕੰਮ ਕਰਨ ਤੋਂ ਨਾਂਹ ਕਰ ਦਿੱਤੀ। ਇਸ ਪ੍ਰਾਜੈਕਟ ਦੇ ਠੱਪ ਹੋ ਜਾਣ ਨਾਲ ਆਮ ਲੋਕ ਖਾਸ ਕਰ ਕੇ ਖੇਡ ਪ੍ਰੇਮੀ ਬਹੁਤ ਨਿਰਾਸ਼ ਹੋਏ। ਕਿਸੇ ਆਗੂ ਨੇ ਇਸ ਪ੍ਰਾਜੈਕਟ ਨੂੰ ਬਚਾਉਣ ਦਾ ਯਤਨ ਨਹੀਂ ਕੀਤਾ। ਮੰਨਿਆ ਜਾ ਰਿਹਾ ਹੈ ਕਿ ਹੁਣ ਜੇਕਰ ਇਹ ਪ੍ਰਾਜੈਕਟ ਦੋਬਾਰਾ ਸ਼ੁਰੂ ਨਹੀਂ ਹੁੰਦਾ ਤਾਂ ਇਹ ਆਮ ਆਦਮੀ ਪਾਰਟੀ ਲਈ ਬਹੁਤ ਵੱਡਾ ਝਟਕਾ ਹੋਵੇਗਾ, ਜਿਸ ਦਾ ਅਸਰ ਨਿਗਮ ਅਤੇ ਸੰਸਦੀ ਚੋਣਾਂ ਵਿਚ ਵੀ ਵੇਖਣ ਨੂੰ ਮਿਲੇਗਾ।

ਇਹੀ ਹਾਲ ਵਰਿਆਣਾ ਡੰਪ ’ਤੇ ਲੱਗਣ ਜਾ ਰਹੇ ਬਾਇਓ-ਮਾਈਨਿੰਗ ਪਲਾਂਟ ਦਾ ਵੀ ਹੋਇਆ, ਜੋ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੰਦ ਹੋ ਗਿਆ। ਕੰਪਨੀ ਦਾ ਕਾਂਟਰੈਕਟ ਰੱਦ ਕੀਤਾ ਜਾ ਚੁੱਕਾ ਹੈ। 2 ਸਾਲ ਤਕ ਅਫ਼ਸਰਾਂ ਨੇ ਸਿਰਫ਼ ਕਾਗਜ਼ੀ ਕੰਮ ਹੀ ਕੀਤਾ। ਇਸ ਪ੍ਰਾਜੈਕਟ ਦੇ ਫੇਲ ਹੋਣ ਦਾ ਸਿੱਧਾ ਅਸਰ ਸ਼ਹਿਰ ਦੀ ਸਾਫ਼-ਸਫ਼ਾਈ ਵਿਵਸਥਾ ’ਤੇ ਪੈ ਰਿਹਾ ਹੈ। ਇਸ ਦੇ ਫੇਲ ਹੋਣ ਨਾਲ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪ੍ਰਤੀਨਿਧੀ ਨਿਰਾਸ਼ ਹਨ।

ਸ਼ਹਿਰ ਲਈ ਸਿਰਦਰਦੀ ਬਣੇ ਹੋਏ ਹਨ ਇਹ ਪ੍ਰਾਜੈਕਟ

-ਇਸ ਸਮੇਂ ਸਰਫੇਸ ਵਾਟਰ ਪ੍ਰਾਜੈਕਟ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਦਾ ਕਾਰਨ ਬਣ ਰਿਹਾ ਹੈ, ਜਿਹੜਾ ਲਟਕ-ਲਟਕ ਕੇ ਚੱਲ ਰਿਹਾ ਹੈ। ਨਵੀਆਂ ਸੜਕਾਂ ਪੁੱਟੀਆਂ ਜਾ ਰਹੀਆਂ ਹਨ ਪਰ ਪੁਰਾਣੀਆਂ ਪੁੱਟੀਆਂ ਗਈਆਂ ਸੜਕਾਂ ਨੂੰ ਬਣਾਇਆ ਨਹੀਂ ਜਾ ਰਿਹਾ। ਨਕੋਦਰ ਰੋਡ, ਕਪੂਰਥਲਾ ਚੌਂਕ, ਗੜ੍ਹਾ ਅਤੇ ਅਰਬਨ ਅਸਟੇਟ ਇਲਾਕਾ, 120 ਫੁੱਟੀ ਰੋਡ ਸਮੇਤ ਪੂਰੇ ਸ਼ਹਿਰ ਦੇ ਲੋਕ ਪ੍ਰੇਸ਼ਾਨ ਹੋ ਰਹੇ ਹਨ। ਹੁਣ ਇਹ ਕੰਮ ਵੈਸਟ ਹਲਕੇ ਵਿਚ ਬਾਬਾ ਬੁੱਢਾ ਜੀ ਪੁਲੀ ਦੇ ਨੇੜੇ ਚੱਲ ਰਿਹਾ ਹੈ।

-ਸਮਾਰਟ ਰੋਡਜ਼ ਪ੍ਰਾਜੈਕਟ ਵੀ ਲੰਮੇ ਸਮੇਂ ਤੋਂ ਸ਼ਹਿਰ ਲਈ ਸਿਰਦਰਦੀ ਬਣਿਆ ਹੋਇਆ ਹੈ। ਲੋਕ 3 ਸਾਲ ਤੋਂ ਟੁੱਟੀਆਂ ਸੜਕਾਂ ’ਤੇ ਧੂੜ-ਮਿੱਟੀ ਫੱਕਦੇ ਰਹੇ ਅਤੇ ਨਿਗਮ ਤੇ ਸਰਕਾਰ ਨੂੰ ਨਿੰਦਦੇ ਰਹੇ। ਹੁਣ ਜਾ ਕੇ ਕੰਮ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 50 ਕਰੋੜ ਰੁਪਏ ਲਾ ਕੇ ਜਿਹੜੀਆਂ ਸੜਕਾਂ ਸਮਾਰਟ ਬਣਨੀਆਂ ਸਨ, ਉਨ੍ਹਾਂ ਦੀ ਹਾਲਤ ਪਹਿਲਾਂ ਵਰਗੀ ਹੀ ਬਣੀ ਹੋਈ ਹੈ।

-60 ਕਰੋੜ ਰੁਪਏ ਦਾ ਐੱਲ. ਈ. ਡੀ. ਸਟਰੀਟ ਲਾਈਟ ਪ੍ਰਾਜੈਕਟ ਵੀ ਘਪਲੇ ਦਾ ਸ਼ਿਕਾਰ ਹੋ ਕੇ ਰਹਿ ਗਿਆ। ਜਾਂਚ ਸ਼ੁਰੂ ਹੋਈ ਪਰ ਬਹੁਤ ਮੱਠੀ ਰਫ਼ਤਾਰ ਨਾਲ। ਸਮਾਰਟ ਸਿਟੀ ਅਤੇ ਕੰਪਨੀ ਵਿਚ ਲੰਮੇ ਸਮੇਂ ਤੋਂ ਵਿਵਾਦ ਜਾਰੀ ਹੈ। ਕੰਪਨੀ ਬੰਦ ਪਈਆਂ ਲਾਈਟਾਂ ਸਬੰਧੀ ਸ਼ਿਕਾਇਤਾਂ ਦਾ ਹੱਲ ਨਹੀਂ ਕਰ ਪਾ ਰਹੀ। ਅੱਧਾ ਸ਼ਹਿਰ ਹਨੇਰੇ ਦੀ ਲਪੇਟ ਵਿਚ ਰਹਿੰਦਾ ਹੀ ਹੈ। ਲੋਕ ਸਾਫ ਕਹਿ ਰਹੇ ਹਨ ਕਿ ਇਸ ਤੋਂ ਵਧੀਆ ਤਾਂ ਪੁਰਾਣੀਆਂ ਸਟਰੀਟ ਲਾਈਟਾਂ ਹੀ ਸਨ, ਜੋ ਰੌਸ਼ਨੀ ਤਾਂ ਦੇ ਰਹੀਆਂ ਸਨ।

-ਮਿੱਠਾਪੁਰ ਹਾਕੀ ਸਟੇਡੀਅਮ ਨੂੰ ਸਮਾਰਟ ਬਣਾਉਣ ਦਾ ਪ੍ਰਾਜੈਕਟ ਲੰਮੇ ਸਮੇਂ ਤੋਂ ਪੂਰਾ ਹੋਣ ਵਿਚ ਹੀ ਨਹੀਂ ਆ ਰਿਹਾ। ਹਾਕੀ ਖਿਡਾਰੀ ਬਹੁਤ ਨਿਰਾਸ਼ ਹਨ। ਅਧੂਰੇ ਕੰਮ ਤੋਂ ਉਨ੍ਹਾਂ ਨੂੰ ਪ੍ਰੇਸ਼ਾਨੀ ਵੀ ਹੋ ਰਹੀ ਹੈ। ਹੁਣ ਤਾਂ ਇਸ ਕੰਮ ਵਿਚ ਵੀ ਗੜਬੜੀ ਸਾਹਮਣੇ ਆ ਰਹੀ ਹੈ।

-120 ਫੁੱਟੀ ਰੋਡ ਸਟਾਰਮ ਵਾਟਰ ਸੀਵਰ ਪ੍ਰਾਜੈਕਟ ਪੂਰਾ ਹੋ ਚੁੱਕਾ ਹੈ ਪਰ ਨਿਗਮ ਨੇ ਉਸ ਨੂੰ ਟੇਕਓਵਰ ਨਹੀਂ ਕੀਤਾ। ਅਫਸਰਾਂ ਦਾ ਬਹਾਨਾ ਹੈ ਕਿ ਅਜੇ ਉਥੇ ਮੌਕੇ ’ਤੇ ਕੁਝ ਕੰਮ ਬਾਕੀ ਹੈ। ਅਫਸਰ ਇਸ ਨੂੰ ਪੂਰਾ ਕਿਉਂ ਨਹੀਂ ਕਰਵਾ ਰਹੇ, ਸਮਝ ਤੋਂ ਪਰ੍ਹੇ ਹੈ। ਸਹੀ ਢੰਗ ਨਾਲ ਸਾਫ-ਸਫਾਈ ਨਾ ਹੋਣ ਕਰ ਕੇ ਵੀ ਇਹ ਪ੍ਰਾਜੈਕਟ ਲੋਕਾਂ ਦੀ ਪ੍ਰੇਸ਼ਾਨੀ ਦਾ ਕਾਰਨ ਬਣਦਾ ਰਿਹਾ ਹੈ।

-ਨਗਰ ਨਿਗਮ ਦੇ ਟੈਕਸੇਸ਼ਨ ਸਿਸਟਮ ਨੂੰ ਸੁਧਾਰਨ ਲਈ ਸ਼ਹਿਰ ਵਿਚ ਯੂ. ਆਈ. ਡੀ. ਨੰਬਰ ਪਲੇਟਾਂ ਲਾਉਣ ਦਾ ਪ੍ਰਾਜੈਕਟ ਛੋਟਾ ਜਿਹਾ ਹੈ ਪਰ ਉਸ ’ਤੇ ਵੀ ਢੰਗ ਨਾਲ ਕੰਮ ਨਹੀਂ ਹੋ ਪਾ ਰਿਹਾ। ਕੋਈ ਅਧਿਕਾਰੀ ਇਸ ਪ੍ਰਾਜੈਕਟ ਵਿਚ ਦਿਲਚਸਪੀ ਹੀ ਨਹੀਂ ਲੈ ਰਿਹਾ। ਦੂਜਾ ਸਰਵੇ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਪਹਿਲਾ ਕੰਮ ਵੀ ਪੂਰਾ ਨਹੀਂ ਹੋਇਆ।

-ਕੰਟਰੋਲ ਐਂਡ ਕਮਾਂਡ ਸੈਂਟਰ ਦਾ ਕੰਮ ਵੀ ਅਜੇ ਚੱਲ ਰਿਹਾ ਹੈ। ਬਹੁਤ ਸਾਰੇ ਕੈਮਰੇ ਲਾ ਤਾਂ ਦਿੱਤੇ ਗਏ ਹਨ ਪਰ ਸ਼ੁਰੂ ਕਦੋਂ ਹੋਣਗੇ, ਕਿਸੇ ਨੂੰ ਪਤਾ ਨਹੀਂ। ਖੰਭੇ ਲਾਉਣ ਲਈ ਸੜਕਾਂ ਤਾਂ ਪੁੱਟੀਆਂ ਜਾ ਰਹੀਆਂ ਹਨ ਪਰ ਉਨ੍ਹਾਂ ਨੂੰ ਬਣਾਇਆ ਨਹੀਂ ਜਾ ਰਿਹਾ।

-ਚੌਂਕ ਸੁੰਦਰੀਕਰਨ ਪ੍ਰਾਜੈਕਟ ’ਤੇ 8-10 ਕਰੋੜ ਖਰਚ ਹੋਏ ਪਰ ਉਥੇ ਕੰਮ ਹੋਇਆ ਨਜ਼ਰ ਹੀ ਨਹੀਂ ਆ ਰਿਹਾ। ਸਮਾਰਟ ਸਿਟੀ ਦੇ ਜਿਹੜੇ ਕੰਮ ਪੂਰੇ ਵੀ ਹੋ ਚੁੱਕੇ ਹਨ, ਉਨ੍ਹਾਂ ਦੀ ਮੇਨਟੀਨੈਂਸ ਨਹੀਂ ਹੋ ਰਹੀ। ਸਮਾਰਟ ਸਿਟੀ ਵਿਚ ਸਟਾਫ ਨਹੀਂ ਹੈ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਕੋਲ ਪਹਿਲਾਂ ਹੀ ਕੰਮ ਬਹੁਤ ਹੈ। ਉਨ੍ਹਾਂ ਦਾ ਸਮਾਰਟ ਸਿਟੀ ਵੱਲ ਕੋਈ ਧਿਆਨ ਨਹੀਂ ਕਿਉਂਕਿ ਠੇਕੇਦਾਰ ਉਨ੍ਹਾਂ ਦੇ ਕੰਟਰੋਲ ਵਿਚ ਨਹੀਂ ਹਨ।

Leave a Reply

Your email address will not be published. Required fields are marked *