FRONTLINE NEWS CHANNEL

ਜਲੰਧਰ ਚ ਨਸ਼ੇ ਚ ਟੱਲੀ ਟਰੱਕ ਡਰਾਈਵਰ ਨੇ ਦਰਜਨਾਂ ਵਾਹਨਾਂ ਨੂੰ ਮਾਰੀ ਟੱਕਰ ਤੇ 8 ਲੋਕਾਂ ਨੂੰ ਕੁਚਲਿਆ

17 ਸਿਤੰਬਰ (ਰਮੇਸ਼ ਕੁਮਾਰ)–ਕੰਗਣੀਵਾਲ ਤੋਂ ਲੈ ਕੇ ਲੰਮਾ ਪਿੰਡ ਚੌਂਕ ਵਿਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਸ਼ਹਿਰ ਦੇ ਸਭ ਤੋਂ ਵੱਧ ਰੁਝੇਵੇਂ ਵਾਲੀ ਸੜਕ ’ਤੇ ਸ਼ਰਾਬ ਦੇ ਨਸ਼ੇ ਵਿਚ ਧੁੱਤ ਡਰਾਈਵਰ (ਟਰੱਕ ਨੰਬਰ ਐੱਚ ਪੀ 12 ਡੀ 3805) 1-1 ਕਰ ਕੇ ਦਰਜਨ ਤੋਂ ਵੀ ਵੱਧ ਵਾਹਨਾਂ ਨੂੰ ਆਪਣੀ ਲਪੇਟ ਵਿਚ ਲੈਂਦਿਆਂ ਆਖਿਰ ਵਿਚ ਦੁਕਾਨ ਵਿਚ ਦਾਖ਼ਲ ਹੋ ਗਿਆ। ਇਸ ਹਾਦਸੇ ਵਿਚ ਲਗਭਗ 8 ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਟਰੱਕ ਚਾਲਕ ਨਸ਼ੇ ਵਿਚ ਤੇਜ਼ ਰਫਤਾਰ ਨਾਲ ਟਰੱਕ ਨੂੰ ਚਲਾਉਂਦਾ ਆ ਰਿਹਾ ਸੀ। ਇਸੇ ਵਿਚਕਾਰ ਢੱਡੇ ਪੁਲ ਨੇੜੇ ਇਕ ਵਾਹਨ ਨਾਲ ਟਕਰਾ ਗਿਆ, ਜਿਸ ਨੂੰ ਆਪਣੀ ਲਪੇਟ ਵਿਚ ਲੈਂਦਿਆਂ ਉਸਨੇ ਕਈ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ। ਨਸ਼ੇ ਵਿਚ ਧੁੱਤ ਟਰੱਕ ਡਰਾਈਵਰ ਨੇ ਸਪੀਡ ਹੋਰ ਵਧਾ ਦਿੱਤੀ ਅਤੇ ਕੰਗਣੀਵਾਲ ਤੋਂ ਹੁੰਦੇ ਹੋਏ ਲੰਮਾ ਪਿੰਡ ਚੌਕ ਨੇੜੇ ਪੈਟਰੋਲ ਪੰਪ ਨੂੰ ਟੱਕਰ ਮਾਰਦੇ ਹੋਏ ਕਈ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ। ਡਰਾਈਵਰ ਦੇ ਮੌਤ ਦੇ ਤਾਂਡਵ ਨੂੰ ਵੇਖਦਿਆਂ ਕਈ ਘੰਟੇ ਹਫ਼ੜਾ-ਦਫ਼ੜੀ ਮਚੀ ਰਹੀ।

ਆਖਿਰ ਵਿਚ ਟਰੱਕ ਲੰਮਾ ਪਿੰਡ ਰੋਡ ਨੂੰ ਜਾਂਦਿਆਂ ਪੈਟਰੋਲ ਪੰਪ ਦੇ ਸਾਹਮਣੇ ਲਾਡੀ ਕਰਿਆਨਾ ਸਟੋਰ ਵਿਚ ਜਾ ਦਾਖ਼ਲ ਹੋਇਆ, ਜਿੱਥੇ ਡਰਾਈਵਰ ਟਰੱਕ ਨੂੰ ਛੱਡ ਕੇ ਭੱਜਣ ਲੱਗਾ ਪਰ ਉਹ ਬੇਹੋਸ਼ ਹੋ ਕੇ ਡਿੱਗ ਗਿਆ। ਸੂਚਨਾ ਮਿਲਦੇ ਹੀ ਥਾਣਾ ਨੰਬਰ 8 ਦੀ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਦੱਸਿਆ ਕਿ ਟਰੱਕ ਡਰਾਈਵਰ ਨੇ ਪਿੰਡ ਕੰਗਣੀਵਾਲ ਨੇੜੇ ਇਕ ਸਵਿੱਫਟ ਗੱਡੀ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਤੋਂ ਬਾਅਦ ਉਸ ਨੇ ਉਥੋਂ ਟਰੱਕ ਨੂੰ ਭਜਾ ਲਿਆ ਅਤੇ ਰਸਤੇ ਵਿਚ ਜਿਹੜਾ ਵੀ ਵਾਹਨ ਆਇਆ, ਸਭ ਨੂੰ ਠੋਕਦਾ ਗਿਆ। ਇਸ ਤੋਂ ਬਾਅਦ ਟਰੱਕ ਆਟੋ-ਰਿਕਸ਼ਾ, ਬੱਸ, ਮੋਟਰਸਾਈਕਲ, ਈ-ਰਿਕਸ਼ਾ, 2-3 ਸਾਈਕਲਸਵਾਰ, ਜੀਪ, ਕਾਰ ਅਤੇ ਵੈਨ ਨੂੰ ਟੱਕਰ ਮਾਰਦੇ ਹੋਏ ਕਰਿਆਨੇ ਦੀ ਦੁਕਾਨ ਦੀ ਕੰਧ ਨਾਲ ਜਾ ਟਕਰਾਇਆ।
ਕਰਿਆਨਾ ਸਟੋਰ ਦੇ ਮਾਲਕ ਸੁਖਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਨੇ ਦੱਸਿਆ ਕਿ ਬੇਕਾਬੂ ਟਰੱਕ ਉਨ੍ਹਾਂ ਦੀ ਦੁਕਾਨ ਦੇ ਬਾਹਰ ਖੜ੍ਹੀ ਮਾਰੂਤੀ ਵੈਨ ਨੂੰ ਟੱਕਰ ਮਾਰ ਕੇ ਦੁਕਾਨ ਦੇ ਅੰਦਰ ਜਾ ਵੜਿਆ, ਜਿਸ ਸਮੇਂ ਹਾਦਸਾ ਹੋਇਆ ਉਸ ਸਮੇਂ ਦੁਕਾਨ ਬੰਦ ਸੀ। ਪੁਲਸ ਨੇ ਸ਼ਰਾਬੀ ਟਰੱਕ ਡਰਾਈਵਰ ਨੂੰ ਕਾਫੀ ਮੁਸ਼ੱਕਤ ਤੋਂ ਬਾਅਦ ਲੋਕਾਂ ਦੀ ਮਦਦ ਨਾਲ ਟਰੱਕ ’ਚੋਂ ਬਾਹਰ ਕੱਢਿਆ ਅਤੇ ਇਲਾਜ ਲਈ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ। ਹਾਦਸੇ ’ਚ ਜ਼ਖ਼ਮੀ ਹੋਏ ਵਿਅਕਤੀਆਂ ਦੀ ਪਛਾਣ ਬੁਲੇਟ ਸਵਾਰ ਹਰਪ੍ਰੀਤ ਸਿੰਘ, ਕਿਰਨ, ਤ੍ਰਿਲੋਚਨ ਕੁਮਾਰ ਵਾਸੀ ਲੰਮਾ ਪਿੰਡ, ਸਾਈਕਲ ਸਵਾਰ ਬਿੱਟਾ ਵਾਸੀ ਹਰਦਿਆਲ ਨਗਰ ਵਜੋਂ ਹੋਈ ਹੈ ਪਰ ਹਾਦਸੇ ਵਿਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਸੂਤਰਾਂ ਅਨੁਸਾਰ ਟਰੱਕ ਸੀਮੈਂਟ ਨਾਲ ਲੱਦਿਆ ਹੋਇਆ ਸੀ।
ਹੱਦਬੰਦੀ ’ਚ ਉਲਝੀ ਰਹੀ ਪੁਲਸ
ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਨੰਬਰ 8 ਅਤੇ ਥਾਣਾ ਰਾਮਾ ਮੰਡੀ ਦੀ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਵੱਡਾ ਹਾਦਸਾ ਹੋਣ ਕਾਰਨ ਦੋਵਾਂ ਥਾਣਿਆਂ ਦੀ ਪੁਲਸ ਘੇਰਾਬੰਦੀ ’ਚ ਉਲਝੀ ਰਹੀ। ਸੂਚਨਾ ਮਿਲਣ ’ਤੇ ਥਾਣਾ ਰਾਮਾ ਮੰਡੀ ਦੇ ਐੱਸ. ਆਈ. ਅਰੁਣ ਕੁਮਾਰ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਦੱਸਿਆ ਕਿ ਇਹ ਹਾਦਸਾ ਥਾਣਾ ਨੰਬਰ 8 ਦੇ ਇਲਾਕੇ ’ਚ ਪੈਂਦਾ ਹੈ। ਸੂਚਨਾ ਮਿਲਣ ’ਤੇ ਥਾਣਾ ਨੰਬਰ 8 ਦੀ ਪੁਲਸ ਮੌਕੇ ’ਤੇ ਪੁੱਜੀ ਤਾਂ ਉਨ੍ਹਾਂ ਦੱਸਿਆ ਕਿ ਇਹ ਇਲਾਕਾ ਰਾਮਾ ਮੰਡੀ ਥਾਣੇ ਅਧੀਨ ਆਉਂਦਾ ਹੈ। ਇਸ ਹਾਦਸੇ ਵਿਚ ਕਈ ਲੋਕ ਜ਼ਖ਼ਮੀ ਹੋ ਗਏ ਪਰ ਕਾਰਵਾਈ ਕਰਨ ਸਮੇਂ ਦੋਵਾਂ ਥਾਣਿਆਂ ਦੀ ਪੁਲਸ ਹੱਦਬੰਦੀ ’ਚ ਉਲਝੀ ਰਹੀ। ਕਾਫ਼ੀ ਸਮੇਂ ਬਾਅਦ ਇਹ ਫ਼ੈਸਲਾ ਹੋਇਆ ਕਿ ਜਿਸ ਥਾਂ ’ਤੇ ਟਰੱਕ ਨੇ ਕੰਧ ਤੋੜ ਕੇ ਲੋਕਾਂ ਨੂੰ ਜ਼ਖਮੀ ਕੀਤਾ ਸੀ, ਉਹ ਥਾਂ ਥਾਣਾ ਨੰਬਰ 8 ਦੀ ਹੱਦ ਅੰਦਰ ਆਉਂਦੀ ਹੈ।

In Jalandhar, a drunk truck driver hit dozens of vehicles and crushed 8 people

Leave a Reply

Your email address will not be published. Required fields are marked *